ਇਰਾਕ 'ਚੋਂ ਬਚ ਕੇ ਆਏ 'ਹਰਜੀਤ ਮਸੀਹ' ਦੀ ਸਰਕਾਰ ਨੂੰ ਅਪੀਲ

 ਇਰਾਕ 'ਚ ਆਈ. ਐੱਸ. ਦੇ ਚੁੰਗਲ 'ਚੋਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਭਾਰਤ ਵਾਪਸ ਪਰਤਣ ਵਾਲੇ ਹਰਜੀਤ ਮਸੀਹ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਮੁੜ ਵਸੇਬੇਂ ਲਈ ਸਰਕਾਰੀ ਨੌਕਰੀ ਦਿੱਤੀ ਜਾਵੇ। ਹਰਜੀਤ ਮਸੀਹ ਨੇ ਕਿਹਾ ਹੈ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਸ ਨੇ ਇਰਾਕ 'ਚ ਸੰਤਾਪ ਆਪਣੇ ਪਿੰਡੇ 'ਤੇ ਹੰਢਾਇਆ ਹੈ।


ਹਰਜੀਤ ਮਸੀਹ ਗੁਰਦਾਸਪੁਰ ਦੇ ਕਸਬਾ ਕਾਲਾ ਅਫਗਾਨਾ ਦਾ ਵਾਸੀ ਹੈ ਅਤੇ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਜ਼ਿਕਰਯੋਗ ਹੈ ਕਿ ਉਹ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਨਾਲ ਦੇਸ਼ ਪਰਤਿਆ ਸੀ। ਹਰਜੀਤ ਮਸੀਹ ਨੇ ਭਾਰਤੀ ਮੀਡੀਆ ਨੂੰ ਦੱਸਿਆ ਸੀ ਕਿ ਇਰਾਕ 'ਚ ਆਈ. ਐੱਸ. ਵਲੋਂ 39 ਭਾਰਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਪਰ ਉਸ ਸਮੇਂ ਕੇਂਦਰ ਸਰਕਾਰ ਇਹ ਗੱਲ ਮੰਨਣ ਲਈ ਤਿਆਰ ਨਹੀਂ ਹੋਈ।
ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਿਛਲੇ ਸਾਲ ਤੱਕ ਵੀ ਕਹਿੰਦੀ ਰਹੀ ਕਿ ਸਾਰੇ ਭਾਰਤੀ ਜਿਊਂਦਾ ਹਨ ਪਰ ਅਖੀਰ ਇਸ ਸਾਲ ਸੱਚ ਸਭ ਦੇ ਸਾਹਮਣੇ ਆ ਹੀ ਗਿਆ। ਪਿਛਲੇ ਦਿਨੀਂ ਇਨ੍ਹਾਂ ਭਾਰਤੀਆਂ ਦੀਆਂ ਅਸਥੀਆਂ ਦੇਸ਼ ਲਿਆਂਦੀਆਂ ਗਈਆਂ। ਇਨ੍ਹਾਂ ਮ੍ਰਿਤਕਾਂ 'ਚੋਂ 27 ਪੰਜਾਬੀ ਸਨ। ਹੁਣ ਹਰਜੀਤ ਮਸੀਹ ਨੇ 'ਲੋਕ ਸ਼ਕਤੀ ਮਸੀਹੀ ਦਲ ਵੈੱਲਫੇਅਰ ਸੁਸਾਇਟੀ' ਜਲੰਧਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਕੱਤਰ ਨੂੰ ਬੀਤੀ 9 ਅਪ੍ਰੈਲ ਨੂੰ ਅਰਜ਼ੀ ਦੇ ਕੇ ਹਰਜੀਤ ਮਸੀਹ ਨੂੰ ਸਰਕਾਰੀ ਨੌਕਰੀ ਅਤੇ ਵਿੱਤੀ ਸਹਾਇਤਾ ਦੀ ਮੰਗ ਕੀਤੀ ਸੀ।
ਪਹਿਲਾਂ ਤਾਂ ਹਰਜੀਤ ਮਸੀਹ ਦੀ ਬੇਨਤੀ ਰੱਦ ਕਰ ਦਿੱਤੀ ਗਈ ਪਰ ਬਾਅਦ 'ਚ ਸਰਕਾਰ ਨੇ ਉਸ ਦੀ ਅਰਜ਼ੀ ਨੂੰ ਮੁੜ ਵਸੇਬਾ ਵਿਭਾਗ ਨੂੰ ਭੇਜਿਆ ਹੈ। ਇਸ ਦੌਰਾਨ ਹਰਜੀਤ ਦੇ ਪਿਤਾ ਦਾ ਵੀ ਦਿਹਾਂਤ ਹੋ ਚੁੱਕਾ ਹੈ ਅਤੇ ਉਸ ਦੀ ਮਾਂ ਲੋਕਾਂ ਦੇ ਘਰੀਂ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਹੈ।

Most Read

  • Week

  • Month

  • All