ਡਾਲਰ 67 ਰੁਪਏ ਦੇ ਪਾਰ, ਵਿਦੇਸ਼ ਪੜ੍ਹਨਾ ਤੇ ਘੁੰਮਣਾ ਹੋਵੇਗਾ ਮਹਿੰਗਾ

ਇਕ ਡਾਲਰ ਦਾ ਰੇਟ ਹੁਣ 67 ਰੁਪਏ ਦੇ ਪਾਰ ਹੋ ਚੁੱਕਾ ਹੈ। ਇਸ ਸਾਲ 1 ਜਨਵਰੀ ਨੂੰ ਡਾਲਰ ਦੀ ਕੀਮਤ 63 ਰੁਪਏ 68 ਪੈਸੇ 'ਤੇ ਬੰਦ ਹੋਈ ਸੀ, ਜਿਸ ਹਿਸਾਬ ਨਾਲ ਡਾਲਰ ਦੀ ਕੀਮਤ ਭਾਰਤੀ ਕਰੰਸੀ 'ਚ ਤਕਰੀਬਨ 4 ਰੁਪਏ ਤਕ ਵਧ ਗਈ ਹੈ। ਜਨਵਰੀ ਮਹੀਨੇ ਇਕ ਡਾਲਰ ਦੀ ਕੀਮਤ 63-64 ਰੁਪਏ ਵਿਚਕਾਰ ਹੀ ਰਹੀ, ਜਦੋਂ ਕਿ ਫਰਵਰੀ 'ਚ ਇਹ 64 ਰੁਪਏ ਦੇ ਪਾਰ ਨਿਕਲ ਗਈ ਅਤੇ

ਅਪ੍ਰੈਲ ਖਤਮ ਹੁੰਦੇ-ਹੁੰਦੇ 66 ਰੁਪਏ ਦਾ ਪੱਧਰ ਪਾਰ ਕਰ ਗਈ। ਬੀਤੇ ਦਿਨੀਂ ਯਾਨੀ 8 ਮਈ ਨੂੰ ਡਾਲਰ ਦੀ ਕੀਮਤ 67.08 ਰੁਪਏ ਦਰਜ ਕੀਤੀ ਗਈ, ਜਦੋਂ ਕਿ ਅੱਜ ਇਹ 67 ਰੁਪਏ 34 ਪੈਸੇ 'ਤੇ ਖੁੱਲ੍ਹਾ ਹੈ। ਜੇਕਰ ਇਹ ਇਸੇ ਪੱਧਰ 'ਤੇ ਬੰਦ ਹੁੰਦਾ ਹੈ ਤਾਂ ਡਾਲਰ ਦੀ ਕੀਮਤ 67.50 ਰੁਪਏ ਤਕ ਜਲਦ ਪਹੁੰਚ ਸਕਦੀ ਹੈ ਕਿਉਂਕਿ ਮਹਿੰਗਾ ਹੋ ਰਿਹਾ ਕੱਚਾ ਤੇਲ ਭਾਰਤ ਦੀ ਮੁਸ਼ਕਿਲ ਵਧਾ ਸਕਦਾ ਹੈ।

ਕੀ ਹੋਵੇਗਾ ਅਸਰ?
ਡਾਲਰ 'ਚ ਤੇਜ਼ੀ ਹੋਣ ਦਾ ਮਤਲਬ ਹੈ ਕਿ ਵਿਦੇਸ਼ਾਂ ਤੋਂ ਸਾਮਾਨ ਮੰਗਾਉਣਾ ਮਹਿੰਗਾ ਹੋ ਜਾਵੇਗਾ ਕਿਉਂਕਿ ਜ਼ਿਆਦਾਤਰ ਖਰੀਦਦਾਰੀ ਡਾਲਰ 'ਚ ਹੀ ਹੁੰਦੀ ਹੈ। ਇਸ ਨਾਲ ਵਿਦੇਸ਼ੀ ਮੋਬਾਇਲ, ਟੈਲੀਵਿਜ਼ਨ ਵਰਗੇ ਇਲੈਕਟ੍ਰਿਕ ਸਾਮਾਨ ਮਹਿੰਗੇ ਹੋਣ ਦਾ ਖਦਸ਼ਾ ਰਹਿੰਦਾ ਹੈ। ਉੱਥੇ ਹੀ, ਜੋ ਕੰਪਨੀਆਂ ਵਿਦੇਸ਼ੀ ਮਾਲ 'ਤੇ ਜ਼ਿਆਦਾ ਨਿਰਭਰ ਹਨ ਉਨ੍ਹਾਂ ਦੇ ਪ੍ਰਾਡਕਟ ਬਣਾਉਣ ਦੀ ਲਾਗਤ ਵਧ ਜਾਂਦੀ ਹੈ, ਜਿਸ ਦਾ ਸਿੱਧਾ ਅਸਰ ਗਾਹਕਾਂ 'ਤੇ ਪੈਂਦਾ ਹੈ। ਹਾਲਾਂਕਿ ਡਾਲਰ ਮਹਿੰਗਾ ਹੋਣ ਨਾਲ ਐੱਨ. ਆਰ. ਆਈਜ਼. ਨੂੰ ਫਾਇਦਾ ਹੁੰਦਾ ਹੈ, ਯਾਨੀ ਜੋ ਲੋਕ ਵਿਦੇਸ਼ 'ਚੋਂ ਆਪਣੇ ਭਾਰਤ ਬੈਠੇ ਪਰਿਵਾਰਾਂ ਨੂੰ ਡਾਲਰ 'ਚ ਰਕਮ ਭੇਜਦੇ ਹਨ ਉਨ੍ਹਾਂ ਦੀ ਰਕਮ ਇੱਥੇ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਬਣਦੀ ਹੈ।
ਉੱਥੇ ਹੀ, ਡਾਲਰ ਮਹਿੰਗਾ ਹੋਣ ਨਾਲ ਵਿਦੇਸ਼ ਘੁੰਮਣਾ ਮਹਿੰਗਾ ਪੈਂਦਾ ਹੈ, ਯਾਨੀ ਡਾਲਰ ਖਰੀਦਣ ਲਈ ਜ਼ਿਆਦਾ ਰੁਪਏ ਖਰਚ ਕਰਨੇ ਪੈਂਦੇ ਹਨ। ਇਸੇ ਤਰ੍ਹਾਂ ਵਿਦੇਸ਼ੀ ਪੜ੍ਹਾਈ ਵੀ ਮਹਿੰਗੀ ਹੋ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਵਿਦਿਆਰਥੀਆਂ ਦਾ ਖਰਚਾ-ਪਾਣੀ ਭਾਰਤ ਤੋਂ ਉਨ੍ਹਾਂ ਦੇ ਮਾਤਾ-ਪਿਤਾ ਜਾਂ ਸਕੇ-ਸੰਬੰਧੀ ਭੇਜਦੇ ਹਨ। ਇੰਨਾ ਹੀ ਨਹੀਂ ਡਾਲਰ ਮਹਿੰਗਾ ਹੋਣ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਵੀ ਅਸਰ ਪੈਂਦਾ ਹੈ। ਇਕ ਪਾਸੇ ਕੌਮਾਂਤਰੀ ਬਾਜ਼ਾਰਾਂ 'ਚ ਕੱਚਾ ਤੇਲ 76 ਡਾਲਰ ਪ੍ਰਤੀ ਬੈਰਲ ਤਕ ਪਹੁੰਚ ਚੁੱਕਾ ਹੈ, ਦੂਜੇ ਪਾਸੇ ਰੁਪਿਆ ਕਮਜ਼ੋਰ ਹੋਣ ਨਾਲ ਭਾਰਤ ਨੂੰ ਇਸ ਦੀ ਖਰੀਦ ਹੋਰ ਮਹਿੰਗੀ ਪਵੇਗੀ।

Most Read

  • Week

  • Month

  • All