10 ਫੀਸਦੀ ਟੈਕਸ ਦਾ ਝਟਕਾ, ਸਮਾਰਟ ਫੋਨ ਹੋਣਗੇ ਮਹਿੰਗੇ!

ਜਲਦ ਹੀ ਦੇਸ਼ 'ਚ ਕਈ ਬਰਾਂਡਸ ਦੇ ਸਮਾਰਟ ਫੋਨ ਮਹਿੰਗੇ ਹੋ ਸਕਦੇ ਹਨ। ਸਰਕਾਰ ਨੇ ਸਮਾਰਟ ਫੋਨ ਦੇ ਪ੍ਰਮੁੱਖ ਪੁਰਜ਼ਿਆਂ ਦੀ ਦਰਾਮਦ (ਇੰਪੋਰਟ) 'ਤੇ 10 ਫੀਸਦੀ ਟੈਕਸ ਲਗਾ ਦਿੱਤਾ ਹੈ, ਜਿਸ ਨਾਲ ਕੰਪਨੀਆਂ ਨੂੰ ਇਨ੍ਹਾਂ ਦੀ ਦਰਾਮਦ ਹੁਣ ਮਹਿੰਗੀ ਪਵੇਗੀ। ਇਨ੍ਹਾਂ 'ਚ ਸਮਾਰਟ ਫੋਨ ਦੇ ਪ੍ਰਿੰਟਡ ਸਰਕਟ ਬੋਰਡ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸਮਾਰਟ ਫੋਨ ਦਾ ਦਿਲ ਕਿਹਾ ਜਾਂਦਾ ਹੈ। ਪ੍ਰਿੰਟਡ ਸਰਕਟ ਬੋਰਡ (ਪੀ. ਸੀ. ਬੀ.) 'ਚ ਪ੍ਰੋਸੈਸਰ,

ਮੈਮੋਰੀ ਅਤੇ ਵਾਇਰਲਸ ਚਿਪ ਆਦਿ ਸ਼ਾਮਲ ਹੁੰਦੇ ਹਨ। ਇਸ ਦੇ ਨਾਲ ਹੀ ਮੋਬਾਇਲ ਫੋਨਾਂ ਦੇ ਕੈਮਰਾ ਮਡਿਊਲ ਅਤੇ ਕੁਨੈਕਟਰਸ ਦੀ ਦਰਾਮਦ 'ਤੇ ਵੀ 10 ਫੀਸਦੀ ਟੈਕਸ ਲਗਾਇਆ ਗਿਆ ਹੈ।


ਇਸ ਤੋਂ ਪਹਿਲਾਂ ਮੋਬਾਇਲ ਫੋਨ ਦੇ ਪ੍ਰਿੰਟਡ ਸਰਕਟ ਬੋਰਡ, ਕੈਮਰਾ ਮਡਿਊਲ ਅਤੇ ਕੁਨੈਕਟਰ 'ਤੇ ਜ਼ੀਰੋ ਇੰਪੋਰਟ ਡਿਊਟੀ ਸੀ। ਇਨ੍ਹਾਂ ਤਿੰਨ ਮਹੱਤਵਪੂਰਨ ਪੁਰਜ਼ਿਆਂ ਦੀ ਵਰਤੋਂ ਸਮਾਰਟ ਫੋਨਾਂ ਦੇ ਨਿਰਮਾਣ 'ਚ ਹੁੰਦੀ ਹੈ। ਮੌਜੂਦਾ ਸਮੇਂ ਜ਼ਿਆਦਾਤਰ ਸਮਾਰਟ ਫੋਨ ਨਿਰਮਾਤਾ ਪੀ. ਸੀ. ਬੀ. ਬਾਹਰੋਂ ਮੰਗਾਉਂਦੇ ਹਨ ਅਤੇ ਫਿਰ ਸਥਾਨਕ ਪੱਧਰ 'ਤੇ ਨਿਰਮਾਣ ਕਰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਮੋਬਾਇਲ ਫੋਨ 10 ਫੀਸਦੀ ਤਕ ਮਹਿੰਗੇ ਹੋ ਸਕਦੇ ਹਨ ਕਿਉਂਕਿ ਸਮਾਰਟ ਫੋਨ ਦੀ ਲਾਗਤ 'ਚ ਵੱਡਾ ਹਿੱਸਾ ਪੀ. ਸੀ. ਬੀ. ਦਾ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਬਜਟ 'ਚ ਮੋਬਾਇਲ ਫੋਨਾਂ 'ਤੇ ਵੀ ਕਸਟਮ ਡਿਊਟੀ ਵਧਾਈ ਗਈ ਸੀ। ਇਸ ਤਹਿਤ ਮੋਬਾਇਲ ਫੋਨਾਂ 'ਤੇ ਕਸਟਮ ਡਿਊਟੀ 15 ਤੋਂ ਵਧਾ ਕੇ 20 ਫੀਸਦੀ ਕੀਤੀ ਗਈ ਸੀ। ਇਸ ਪਿੱਛੇ ਸਰਕਾਰ ਦਾ ਮਕਸਦ ਸਥਾਨਕ ਮੋਬਾਇਲ ਫੋਨ ਨਿਰਮਾਣ ਨੂੰ ਉਤਸ਼ਾਹਤ ਕਰਨਾ ਹੈ, ਤਾਂ ਕਿ ਭਾਰਤ ਗੁਆਂਢੀ ਦੇਸ਼ ਚੀਨ ਦੀ ਤਰ੍ਹਾਂ ਨਿਰਮਾਣ ਹੱਬ ਦੇ ਤੌਰ 'ਤੇ ਉਭਰੇ। ਇੰਡੀਅਨ ਸੈਲੂਲਰ ਐਸੋਸੀਏਸ਼ਨ (ਆਈ. ਸੀ. ਏ.) ਮੁਤਾਬਕ, ਮੇਕ ਇਨ ਇੰਡੀਆ ਤਹਿਤ ਹੱਲਾਸ਼ੇਰੀ ਦੇਣ ਨਾਲ ਮੋਬਾਇਲ ਫੋਨ ਨਿਰਮਾਣ ਦੇ ਮਾਮਲੇ 'ਚ ਹੁਣ ਭਾਰਤ ਦੁਨੀਆ 'ਚ ਨੰਬਰ ਦੋ ਦੇ ਸਥਾਨ 'ਤੇ ਪਹੁੰਚ ਗਿਆ ਹੈ। ਪਹਿਲੇ ਨੰਬਰ 'ਤੇ ਚੀਨ ਹੈ, ਜਦੋਂ ਕਿ ਵਿਅਤਨਾਮ ਤੀਜੇ ਨੰਬਰ 'ਤੇ ਆ ਗਿਆ ਹੈ।

 

Most Read

  • Week

  • Month

  • All