ਇਸ ਸਾਲ ਕਣਕ ਉਤਪਾਦਨ 10 ਕਰੋੜ ਟਨ ਹੋਣ ਦੀ ਸੰਭਾਵਨਾ

ਦੇਸ਼ 'ਚ ਇਸ ਸਾਲ ਰਿਕਾਰਡ 10 ਕਰੋੜ ਟਨ ਕਣਕ ਦੀ ਫਸਲ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਪਿਛਲੇ ਸਾਲ ਦੇ ਮੁਕਾਬਲੇ ਕਣਕ ਦਾ ਬੀਜਾਈ ਰਕਬਾ ਇਸ ਸਾਲ 4.27 ਫ਼ੀਸਦੀ ਘੱਟ ਹੈ। ਕਣਕ ਅਤੇ ਜੌਂ ਖੋਜ ਸੰਸਥਾਨ (ਆਈ. ਆਈ. ਡਬਲਯੂ. ਬੀ. ਆਰ.) ਦੇ ਨਿਰਦੇਸ਼ਕ ਜੀ. ਪੀ. ਸਿੰਘ ਨੇ ਕਿਹਾ ਕਿ ਇਸ ਸਾਲ ਕਣਕ ਦੀ ਫਸਲ ਲਈ ਮੌਸਮ ਅਨੁਕੂਲ ਰਿਹਾ ਅਤੇ ਕੀੜਿਆਂ ਦੇ ਹਮਲੇ ਨਾਲ ਪੀਲੀ ਕੁੰਗੀ ਬੀਮਾਰੀ ਦੀਆਂ

ਸ਼ਿਕਾਇਤਾਂ ਬਹੁਤ ਘੱਟ ਥਾਈਂ ਦੇਖਣ ਨੂੰ ਮਿਲੀਆਂ। ਦਾਣਾ ਭਰਨ ਅਤੇ ਪੱਕਣ ਵੇਲੇ ਅਨੁਕੂਲ ਤਾਪਮਾਨ ਹੋਣ ਨਾਲ ਕਣਕ ਦੀ ਫਸਲ ਚੰਗੀ ਹੋਣ ਦੀ ਉਮੀਦ ਹੈ।
ਓਧਰ, ਕੇਂਦਰੀ ਖੇਤੀਬਾੜੀ ਸਕੱਤਰ ਸੋਭਨਾ ਪਟਨਾਇਕ ਨੇ ਦੇਸ਼ 'ਚ ਇਸ ਸਾਲ ਕਣਕ ਦਾ ਉਤਪਾਦਨ ਪਹਿਲਾਂ ਨਾਲੋਂ ਜ਼ਿਆਦਾ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਪਟਨਾਇਕ ਨੇ ਕਿਹਾ ਕਿ ਪਿਛਲੇ ਸਾਲ ਦੇਸ਼ 'ਚ 9.85 ਕਰੋੜ ਟਨ ਕਣਕ ਦਾ ਉਤਪਾਦਨ ਹੋਇਆ ਸੀ ਪਰ ਇਸ ਸਾਲ ਆਈ. ਆਈ. ਡਬਲਯੂ. ਬੀ. ਆਰ. ਦੇ ਵਿਗਿਆਨੀ 10 ਕਰੋੜ ਟਨ ਕਣਕ ਉਤਪਾਦਨ ਬਾਰੇ ਦੱਸ ਰਹੇ ਹਨ।
ਸਿੰਘ ਨੇ ਦੱਸਿਆ ਕਿ ਕਣਕ ਦੀ ਕਟਾਈ ਗੁਜਰਾਤ ਅਤੇ ਮੱਧ ਪ੍ਰਦੇਸ਼ 'ਚ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਤੇ ਹੋਰ ਥਾਵਾਂ 'ਤੇ ਵੀ ਸ਼ੁਰੂ ਹੋਣ ਵਾਲੀ ਹੈ। ਦੱਸਣਯੋਗ ਕਿ ਰਾਜਸਥਾਨ ਦੇ ਵੀ ਕੁਝ ਇਲਾਕਿਆਂ 'ਚ ਕਣਕ ਦੀ ਕਟਾਈ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਏਜੰਸੀਆਂ ਨੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਕਣਕ ਦੀ ਨਵੀਂ ਫਸਲ ਦੀ ਖਰੀਦ ਵੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਅਤੇ ਹਰਿਆਣਾ 'ਚ ਆਮ ਤੌਰ 'ਤੇ 1 ਅਪ੍ਰੈਲ ਤੋਂ ਕਣਕ ਦੀ ਕਟਾਈ ਸ਼ੁਰੂ ਹੁੰਦੀ ਹੈ।
ਬਾਸਮਤੀ ਚੌਲਾਂ ਦੀ ਬਰਾਮਦ ਹੋ ਸਕਦੀ ਹੈ 26,000 ਕਰੋੜ ਰੁਪਏ ਤੋਂ ਜ਼ਿਆਦਾ
ਮੰਗ 'ਚ ਆਏ ਜ਼ਬਰਦਸਤ ਵਾਧੇ ਦੇ ਕਾਰਨ ਬਾਸਮਤੀ ਚੌਲਾਂ ਦੀ ਬਰਾਮਦ ਸਾਲ ਦੇ ਅੰਤ ਤੱਕ 20 ਫ਼ੀਸਦੀ ਵਧ ਕੇ 26,000 ਕਰੋੜ ਰੁਪਏ ਦੇ ਪੱਧਰ ਤੋਂ ਵਧ ਸਕਦੀ ਹੈ। ਮੰਗ 'ਚ ਖਾਸਕਰ ਇਹ ਵਾਧਾ ਈਰਾਨ 'ਚ ਹੋਇਆ ਹੈ।
ਇਹ ਜਾਣਕਾਰੀ ਇਕ੍ਰਾ ਦੀ ਰਿਪੋਰਟ ਤੋਂ ਮਿਲੀ। ਰਿਪੋਰਟ 'ਚ ਹਾਲਾਂਕਿ ਇਹ ਚਰਚਾ ਕੀਤੀ ਗਈ ਹੈ ਕਿ ਬਰਾਮਦ ਦੀ ਮਾਤਰਾ ਕਾਫ਼ੀ ਹੱਦ ਤੱਕ ਸਥਿਰ ਬਣੀ ਰਹੀ ਹੈ ਜੋ ਪਿਛਲੇ ਕੁਝ ਸਾਲਾਂ ਦੇ ਰੁਖ਼ ਦੇ ਬਰਾਬਰ ਹੈ। ਚਾਲੂ ਵਿੱਤ ਸਾਲ 'ਚ ਬਾਸਮਤੀ ਬਰਾਮਦ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿੱਥੇ ਪਹਿਲੇ 9 ਮਹੀਨਿਆਂ 'ਚ ਮੁੱਲ ਪੱਧਰ 'ਤੇ 22 ਫ਼ੀਸਦੀ ਵਾਧਾ ਹੋਇਆ ਹੈ। ਵਿੱਤੀ ਸਾਲ 2014-15 ਤੋਂ 2016-17 ਦਰਮਿਆਨ ਇਸ 'ਚ ਗਿਰਾਵਟ ਆਈ ਸੀ। ਵਿੱਤੀ ਸਾਲ 2017-18 ਦੇ ਪਹਿਲੇ 9 ਮਹੀਨਿਆਂ 'ਚ ਬਰਾਮਦ 'ਚ ਵਾਧਾ 64,594 ਰੁਪਏ ਪ੍ਰਤੀ ਟਨ ਦੀ ਔਸਤ ਪ੍ਰਾਪਤੀ ਨਾਲ ਹਾਸਲ ਹੋਇਆ ਹੈ। ਇਹ 23 ਫ਼ੀਸਦੀ ਦੀ ਵਾਧੇ ਨੂੰ ਦਰਸਾਉਂਦਾ ਹੈ।

Most Read

  • Week

  • Month

  • All