ਸੈਂਸੈਕਸ 124 ਅੰਕ ਡਿੱਗਾ, ਨਿਫਟੀ 10,400 ਤੋਂ ਹੇਠਾਂ ਖੁੱਲ੍ਹਿਆ

ਟਰੰਪ ਪ੍ਰਸ਼ਾਸਨ ਦੇ ਵਪਾਰ, ਕੌਮੀ ਸੁਰੱਖਿਆ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਇਕਪਾਸੜ ਨਜ਼ਰੀਏ ਕਾਰਨ ਗਲੋਬਲ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਟਰੰਪ ਨੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੂੰ ਬਰਖਾਸਤ ਕਰ ਦਿੱਤਾ ਹੈ। ਇਹ ਫੈਸਲਾ ਉਦੋਂ ਲਿਆ ਗਿਆ ਹੈ ਜਦੋਂ ਹਾਲ ਹੀ 'ਚ ਟਰੰਪ ਦੇ ਆਰਥਿਕ ਸਲਾਹਕਾਰ ਗੈਰੀ ਕੋਹਨ ਨੇ ਅਸਤੀਫਾ ਦਿੱਤਾ ਹੈ।

ਇਨ੍ਹਾਂ ਸਭ ਘਟਨਾਵਾਂ ਨਾਲ ਨਿਵੇਸ਼ਕਾਂ ਨੂੰ ਡਰ ਹੈ ਕਿ ਟਰੰਪ ਦੇ ਇਸ ਕਦਮ ਨਾਲ ਵਪਾਰ ਯੁੱਧ ਨੂੰ ਹੱਲਾਸ਼ੇਰੀ ਮਿਲੇਗੀ। ਗਲੋਬਲ ਬਾਜ਼ਾਰਾਂ ਤੋਂ ਮਿਲੇ ਖਰਾਬ ਸੰਕੇਤਾਂ ਨਾਲ ਸੋਮਵਾਰ ਦੇ ਕਾਰੋਬਾਰੀ ਸਤਰ 'ਚ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 123.23 ਅੰਕ ਦੀ ਗਿਰਾਵਟ ਨਾਲ 33,733.55 ਤੇ ਖੁੱਲ੍ਹਿਆ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 33.80 ਅੰਕ ਡਿੱਗ ਕੇ 10,393.05 'ਤੇ ਖੁੱਲ੍ਹਿਆ ਹੈ।

ਭਾਰਤੀ ਰਿਜ਼ਰਵ ਬੈਂਕ ਦੀ ਕਾਰਵਾਈ ਅਤੇ ਪੀ. ਐੱਨ. ਬੀ. 'ਚ ਘੋਟਾਲੇ ਦੀ ਰਕਮ ਹੋਰ ਵਧਣ ਦੀਆਂ ਖਬਰਾਂ ਨਾਲ ਬੈਂਕਿੰਗ ਸਟਾਕਸ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਪੀ. ਐੱਨ. ਬੀ., ਇੰਡੀਅਨ ਓਵਰਸੀਜ਼ ਬੈਂਕ, ਕੈਨਰਾ ਬੈਂਕ, ਇਲਾਹਾਬਾਦ ਬੈਂਕ, ਬੈਂਕ ਆਫ ਇੰਡੀਆ ਸਮੇਤ ਸਾਰੇ ਸਰਕਾਰੀ ਬੈਂਕਾਂ ਦੇ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
- ਬੈਂਕ ਨਿਫਟੀ 154 ਅੰਕ ਡਿੱਗ ਕੇ 24,584.85 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਐੱਨ. ਐੱਸ. ਈ. 'ਤੇ ਨਿਫਟੀ ਆਈ. ਟੀ. ਨੂੰ ਛੱਡ ਕੇ ਬਾਕੀ ਸਾਰੇ ਸੈਕਟਰ ਇੰਡੈਕਸ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ। ਨਿਫਟੀ ਪੀ. ਐੱਸ. ਯੂ. ਬੈਂਕ ਇੰਡੈਕਸ 47 ਅੰਕ ਡਿੱਗ ਕੇ 2,863.85 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
-ਨਿਫਟੀ 'ਚ ਸ਼ੁਰੂਆਤੀ ਕਾਰੋਬਾਰ ਦੌਰਾਨ ਟੈੱਕ ਮਹਿੰਦਰਾ, ਅੰਬੂਜਾ ਸੀਮੈਂਟ, ਅਲਟ੍ਰਾਟੈਕ ਸੀਮੈਂਟ, ਅਰਬਿੰਦੋ ਫਾਰਮਾ ਅਤੇ ਗੇਲ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਉੱਥੇ ਹੀ ਸੈਂਸੈਕਸ 'ਚ ਇਸ ਦੌਰਾਨ ਲਾਰਸਨ, ਇੰਫੋਸਿਸ, ਟੀ. ਸੀ. ਐੱਸ., ਏਸ਼ੀਅਨ ਪੇਂਟਸ ਅਤੇ ਡਾ. ਰੈਡੀਜ਼ ਲੈਬ ਦੇ ਸ਼ੇਅਰ ਮਜ਼ਬੂਤੀ ਨਾਲ ਕਾਰੋਬਾਰ ਕਰਦੇ ਨਜ਼ਰ ਆਏ।

Most Read

  • Week

  • Month

  • All