ਉੱਤਰ ਭਾਰਤ ਦੇ ਸੂਬਿਆਂ 'ਚ 47.50 ਲੱਖ ਗੰਢ ਰੂੰ ਦੀ ਆਮਦ

ਉੱਤਰ ਭਾਰਤ ਦੇ ਸੂਬਿਆਂ ਜਿਨ੍ਹਾਂ ਵਿਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀਆਂ ਮੰਡੀਆਂ ਸ਼ਾਮਲ ਹਨ, 'ਚ ਹੁਣ ਤਕ ਕਰੀਬ 47.50 ਲੱਖ ਗੰਢਾਂ ਦੀ ਆਮਦ ਹੋ ਚੁੱਕੀ ਹੈ। ਸੂਤਰਾਂ ਅਨੁਸਾਰ ਉੱਤਰ ਭਾਰਤ ਦੀਆਂ ਮੰਡੀਆਂ 'ਚ ਹੁਣ ਤਕ ਆਈਆਂ ਕੁਲ ਕਪਾਹ ਗੰਢਾਂ 'ਚੋਂ ਪੰਜਾਬ ਤੋਂ 8.25 ਲੱਖ ਗੰਢਾਂ, ਹਰਿਆਣਾ ਤੋਂ 19 ਲੱਖ ਗੰਢਾਂ, ਸ਼੍ਰੀਗੰਗਾਨਗਰ ਤੇ ਹਨੂਮਾਨਗੜ੍ਹ ਸਰਕਲ ਤੋਂ

9 ਲੱਖ ਅਤੇ ਲੋਅਰ ਰਾਸਥਾਨ 'ਤੋਂ 11.25 ਲੱਖ ਗੰਢਾਂ ਕਪਾਹ ਦੀਆਂ ਆਈਆਂ ਹਨ। ਅੱਜਕਲ ਉਪਰੋਕਤ ਸੂਬਿਆਂ ਦੀਆਂ ਮੰਡੀਆਂ 'ਚ ਰੋਜ਼ਾਨਾ 17-18 ਹਜ਼ਾਰ ਗੰਢਾਂ ਕਪਾਹ ਦੀਆਂ ਆ ਰਹੀਆਂ ਹਨ।
ਰੂੰ ਦਲਾਲ ਆਰ. ਐੱਨ. ਪਰਾਸਰ ਅਨੁਸਾਰ ਉੱਤਰ ਭਾਰਤ ਦੀਆਂ ਉਪਰੋਕਤ ਮੰਡੀਆਂ 'ਚ ਕਰੀਬ 6,07,500 ਗੰਢਾਂ ਦਾ ਅਨਸੋਲਡ ਸਟਾਕ ਪਿਆ ਹੈ, ਜਿਸ ਵਿਚ ਪੰਜਾਬ 35,000 ਗੰਢ, ਹਰਿਆਣਾ 40,000 ਗੰਢ, ਸ਼੍ਰੀਗੰਗਾਨਗਰ ਲਾਈਨ 95,000 ਗੰਢ ਤੇ ਲੋਅਰ ਰਾਜਸਥਾਨ 'ਚ 57,000 ਗੰਢਾਂ ਹਨ। ਜਦਕਿ ਬਰਾਮਦਕਾਰਾਂ ਦੇ ਕੋਲ ਕ੍ਰਮਵਾਰ ਪੰਜਾਬ 38,000 ਗੰਢ, 45,000 ਗੰਢ, 2.32 ਲੱਖ ਗੰਢ ਤੇ 23,000 ਗੰਢਾਂ ਦਾ ਸਟਾਕ ਹੈ। ਰੂੰ ਦੇ ਭਾਅ ਪੰਜਾਬ 4215-4245 ਰੂੰ ਮਣ, ਹਰਿਆਣਾ 4230-4240 ਰੂੰ ਮਣ, ਹਨੂਮਾਨਗੜ੍ਹ ਸਰਕਲ 4255-4260 ਰੁਪਏ ਮਣ ਅਤੇ ਲੋਅਰ ਰਾਜਸਥਾਨ 40400-41400 ਰੂੰ ਪ੍ਰਤੀ ਕੈਂਡੀ ਸ਼ਨੀਵਾਰ ਨੂੰ ਬੋਲੇ ਗਏ। ਇਨ੍ਹਾਂ ਕੀਮਤਾਂ 'ਚ ਛਿਟਪੁਟ ਕਾਰੋਬਾਰ ਰਿਹਾ।
ਰੂੰ ਬਾਜ਼ਾਰ 'ਚ ਮੱਠੀ ਰਫਤਾਰ ਨਾਲ ਵਪਾਰ
ਬੀਤੇ ਕਈ ਹਫਤਿਆਂ ਤੋਂ ਰੂੰ ਬਾਜ਼ਾਰ 'ਚ ਬੜੀ ਮੱਠੀ ਰਫਤਾਰ ਨਾਲ ਵਪਾਰ ਚੱਲ ਰਿਹਾ ਹੈ ਕਿਉਂਕਿ ਰੂੰ ਬਾਜ਼ਾਰ ਲੁਕਣ-ਮੀਟੀ ਖੇਡ ਰਿਹਾ ਹੈ। ਇਕ ਹਫਤੇ 'ਚ ਕਰੀਬ 60-70 ਰੁਪਏ ਮਣ ਦਾ ਉਤਰਾਅ-ਚੜ੍ਹਾਅ ਰਿਹਾ। ਕੱਤਈ ਮਿੱਲਾਂ ਦੀ ਧਾਰਨਾ ਹੈ ਕਿ ਰੂੰ ਕੀਮਤਾਂ 'ਚ ਗਿਰਾਵਟ ਆਵੇਗੀ। ਇਕ ਸਟਾਕਿਸਟ ਦਾ ਮੰਨਣਾ ਹੈ ਕਿ ਮਾਰਚ ਮਹੀਨੇ ਤੋਂ ਬਾਅਦ ਰੂੰ 'ਚ ਉਛਾਲ ਬਣੇਗਾ, ਜਦੋਂ ਕਿ ਮੰਦੜੀਆਂ ਦਾ ਕਹਿਣਾ ਹੈ ਕਿ ਰੂੰ 'ਚ ਤੇਜ਼ੀ ਦੀ ਉਮੀਦ ਘੱਟ ਹੈ।
ਰੂੰ ਕਾਰੋਬਾਰੀ ਵਾਅਦਾ ਬਾਜ਼ਾਰ ਦੀ ਲਪੇਟ 'ਤੇ
ਹਾਜ਼ਰ ਰੂੰ ਕਾਰੋਬਾਰੀ ਕੇਂਦਰ ਸਰਕਾਰ ਦੇ ਮਨਜ਼ੂਰਸ਼ੁਦਾ ਸੱਟਾ ਐੱਮ. ਸੀ. ਐਕਸ. ਬਾਜ਼ਾਰ ਦੀ ਲਪੇਟ 'ਚ ਆ ਚੁੱਕੇ ਹਨ। ਰੂੰ ਵਿਕ੍ਰੇਤਾ ਤੇ ਖਰੀਦਦਾਰ ਆਪਣੀ ਸਮਝ ਛੱਡ ਕੇ ਐੱਮ. ਸੀ. ਐਕਸ. ਬਾਜ਼ਾਰ ਦੇਖ ਕੇ ਹੀ ਵਪਾਰ ਕਰ ਰਹੇ ਹਨ। ਕੁਝ ਰੂੰ ਕਾਰੋਬਾਰੀ ਹਾਜ਼ਰ ਰੂੰ ਬਾਜ਼ਾਰ ਨੂੰ ਦੇਖ ਕੇ ਹੀ ਵਪਾਰ ਕਰ ਰਹੇ ਹਨ।
ਉਤਪਾਦਨ ਅੰਕੜੇ ਘਟੇ ਪਰ ਤੇਜ਼ੀ ਨਹੀਂ
ਭਾਰਤੀ ਰੂੰ ਬਾਜ਼ਾਰ 'ਚ ਲਗਾਤਾਰ ਤੇਜੜੀਆਂ ਵੱਲੋਂ ਦੇਸ਼ 'ਚ ਕਪਾਹ ਉਤਪਾਦਨ ਦੇ ਅੰਕੜੇ ਬਾਜ਼ਾਰ 'ਚ ਘਟਣ ਦੇ ਛੱਡੇ ਜਾ ਰਹੇ ਹਨ ਪਰ ਰੂੰ ਬਾਜ਼ਾਰ ਹਾਥੀ ਦੀ ਚਾਲ ਨਾਲ ਹੀ ਚੱਲ ਰਿਹਾ ਹੈ। ਕਾਟਨ ਐਸੋ. ਆਫ ਇੰਡੀਆ ਨੇ ਵੀ ਆਪਣੇ ਪਹਿਲੇ ਅੰਦਾਜ਼ੇ ਤੋਂ 1.6 ਫੀਸਦੀ ਘੱਟ ਉਤਪਾਦਨ ਹੋਣ ਦੀ ਗੱਲ ਕਹੀ ਹੈ। ਸੂਤਰਾਂ ਅਨੁਸਾਰ ਦੇਸ਼ 'ਚ ਕਪਾਹ ਉਤਪਾਦਨ 3.70 ਕਰੋੜ ਗੰਢ ਤੋਂ ਘੱਟ ਨਹੀਂ ਹੋਵੇਗਾ ਪਰ ਇਹ ਅੰਕੜਾ ਤੇਜੜੀਆਂ (ਸਟਾਕਿਸਟਾਂ) ਦੇ ਗਲੇ ਤੋਂ ਹੇਠਾਂ ਨਹੀਂ ਉਤਰ ਰਿਹਾ ਹੈ।
ਕਿਸਾਨ ਨਿਰਾਸ਼, ਸੁਪਨੇ ਟੁੱਟੇ
ਕਿਸਾਨਾਂ ਦੇ ਵ੍ਹਾਈਟ ਗੋਲਡ ਦੇ ਭਾਅ ਟੁੱਟਣ ਨਾਲ ਕਿਸਾਨ ਨਿਰਾਸ਼ ਹੋਣ ਲੱਗੇ ਹਨ। ਕਿਸਾਨਾਂ ਦਾ ਸੁਪਨਾ ਸੀ ਕਿ ਵ੍ਹਾਈਟ ਗੋਲਡ 6000-7000 ਰੁਪਏ ਕੁਇੰਟਲ ਪਹੁੰਚ ਜਾਵੇਗਾ ਪਰ ਇਹ ਜਨਵਰੀ 'ਚ 5794 ਰੁਪਏ ਭਾਅ ਬਣਾ ਕੇ ਫਿਸਲ ਗਿਆ। ਅੱਜਕਲ ਭਾਅ 5050-5200 ਰੁਪਏ ਰਹਿ ਗਏ ਹਨ।

Most Read

  • Week

  • Month

  • All